
ਡੀਸੀ ਘਨਸ਼ਿਆਮ ਥੋਰੀ ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਪੋਸਟਰ ਕੀਤਾ ਜਾਰੀ
ਜਲੰਧਰ (ਜੇ ਪੀ ਬੀ ਨਿਊਜ਼ 24): ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਥਿੰਕ-ਗੈਸ ਅਤੇ ਐਡੀਡਾਸ ਦੇ ਸਹਿਯੋਗ ਨਾਲ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ 3 ਅਗਸਤ ਤੋਂ 7 ਅਗਸਤ ਤੱਕ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਵੀਰਵਾਰ ਨੂੰ, ਡੀਬੀਏ ਦੇ ਪ੍ਰਧਾਨ ਅਤੇ ਡੀਸੀ, ਜਲੰਧਰ ਘਨਸ਼ਿਆਮ ਥੋਰੀ (ਆਈਏਐਸ) ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ।
ਡੀ.ਬੀ.ਏ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਅੰਡਰ-11, 13, 15, 17, 19 ਲੜਕੇ-ਲੜਕੀਆਂ ਅਤੇ ਪੁਰਸ਼ ਅਤੇ ਮਹਿਲਾ ਸਿੰਗਲ, ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੁਕਾਬਲੇ ਕਰਵਾਏ ਜਾਣਗੇ। ਵੈਟਰਨ ਵਰਗ ਵਿੱਚ 35 ਤੋਂ 60 ਸਾਲ ਦੀ ਉਮਰ ਦੇ ਵਰਗ ਵਿੱਚ ਈਵੈਂਟ ਹੋਣਗੇ। ਹਰੇਕ ਖਿਡਾਰੀ ਦੀ ਫੀਸ 750 ਰੁਪਏ ਪ੍ਰਤੀ ਈਵੈਂਟ ਰੱਖੀ ਗਈ ਹੈ ਅਤੇ ਖਿਡਾਰੀ 28 ਜੁਲਾਈ ਤੱਕ ਆਪਣੇ ਨਾਂ ਦਰਜ ਕਰਵਾ ਸਕਦੇ ਹਨ।ਖੰਨਾ ਨੇ ਦੱਸਿਆ ਕਿ ਐਂਟਰੀ ਫੀਸ ਦੀ ਰਸੀਦ ਤੋਂ ਬਿਨਾਂ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਐਂਟਰੀ ਨਹੀਂ ਲਈ ਜਾਵੇਗੀ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਉਮਰ ਦਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੈ। ਜੇਕਰ ਕੋਈ ਵਿਵਾਦ ਹੈ, ਤਾਂ ਡੀ.ਬੀ.ਏ. ਦਾ ਫੈਸਲਾ ਅੰਤਿਮ ਮੰਨਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਗੀਦਾਰ ਆਪਣੀਆਂ ਐਂਟਰੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਪ੍ਰਸ਼ਾਸਕ ਗੁਰਜੀਤ ਸਿੰਘ ਅਤੇ ਕੋਚ ਭਾਸਕਰ ਮੁਖਰਜੀ ਨਾਲ ਸੰਪਰਕ ਕਰਕੇ ਜਮ੍ਹਾਂ ਕਰਵਾ ਸਕਦੇ ਹਨ। ਰਿਤਿਨ ਖੰਨਾ ਨੇ ਦੱਸਿਆ ਕਿ 7 ਅਗਸਤ ਨੂੰ ਡੀਸੀ ਘਨਸ਼ਿਆਮ ਥੋਰੀ ਜੇਤੂਆਂ ਨੂੰ ਸਨਮਾਨਿਤ ਕਰਨਗੇ। ਚੈਂਪੀਅਨਸ਼ਿਪ ਦੌਰਾਨ ਮੁਫਤ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਜਾਵੇਗਾ। ਮੈਚਾਂ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਡੀਬੀਏ ਦੇ 50 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਜੇਤੂਆਂ ਨੂੰ 3 ਲੱਖ ਰੁਪਏ ਦੇ ਆਕਰਸ਼ਕ ਅਤੇ ਨਕਦ ਇਨਾਮ ਦਿੱਤੇ ਜਾਣਗੇ। ਹਰੇਕ ਪ੍ਰਤੀਯੋਗੀ ਨੂੰ ਸਰਟੀਫਿਕੇਟ ਅਤੇ ਟਰਾਫੀ ਦਿੱਤੀ ਜਾਵੇਗੀ। ਸਿੰਧੂ ਅਤੇ ਗੋਪੀਚੰਦ ਰਨਿੰਗ ਟਰਾਫੀਆਂ ਮਹਿਲਾ ਅਤੇ ਪੁਰਸ਼ ਸਿੰਗਲ ਮੁਕਾਬਲਿਆਂ ਦੇ ਜੇਤੂਆਂ ਨੂੰ ਦਿੱਤੀਆਂ ਜਾਣਗੀਆਂ। ਇਸ ਇਵੈਂਟ ਨੂੰ ਥਿੰਕਗੈਸ, ਐਡੀਦਾਸ, ਐਮਕੇ ਵਾਇਰਸ, ਮੈਟਰੋ ਮਿਲਕ, ਜਗਤਜੀਤ ਇੰਡਸਟਰੀਜ਼, ਸਾਵੀ ਇੰਟਰਨੈਸ਼ਨਲ ਅਤੇ ਐਲਪੀਯੂ ਦਾ ਸਮਰਥਨ ਪ੍ਰਾਪਤ ਹੈ।