JPB NEWS 24

Headlines
It is only possible to counter the forces that undermine freedom of the press through quality journalism

ਪ੍ਰੈੱਸ ਦੀ ਆਜ਼ਾਦੀ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਦਾ ਸਾਹਮਣਾ ਮਿਆਰੀ ਪੱਤਰਕਾਰੀ ਨਾਲ ਹੀ ਸੰਭਵ

ਜਲੰਧਰ, 3 ਮਈ, ਜਤਿਨ ਬੱਬਰ – ਅੱਜ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ‘ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸੰਖੇਪ ਤੇ ਭਾਵਪੂਰਤ ਸਮਾਗਮ ਹੋਇਆ, ਜਿਸ ਵਿਚ ਪੱਤਰਕਾਰਾਂ ਨੇ ਪ੍ਰੈੱਸ ਦੀ ਆਜ਼ਾਦੀ ਅੱਗੇ ਦਰਪੇਸ਼ ਚੁਣੌਤੀਆਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਇਸ ਅਵਸਰ ‘ਤੇ ਆਪਣੇ ਵਿਚਾਰ ਰੱਖਣ ਵਾਲੇ ਬਹੁਤੇ ਪੱਤਰਕਾਰਾਂ ਵਲੋਂ ਇਹ ਕਿਹਾ ਗਿਆ ਕਿ ਪੱਤਰਕਾਰ ਭਾਈਚਾਰੇ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈੱਸ ਨੂੰ ਹਮੇਸ਼ਾ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਅੱਜ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰੂਸ ਅਤੇ ਯੂਕਰੇਨ ਦੀ ਜੰਗ ਵਿਚ ਅਤੇ ਇਜ਼ਰਾਈਲ ਅਤੇ ਹਮਾਂਸ ਦੀ ਜੰਗ ਵਿਚ ਸੈਂਕੜੇ ਹੀ ਪੱਤਰਕਾਰਾਂ ਦੇ ਸ਼ਹੀਦ ਹੋ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਪੱਤਰਕਾਰੀ ਦੇ ਪੇਸ਼ੇ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਹੀ ਸਾਹਮਣਾ ਕੀਤਾ ਜਾ ਸਕਦਾ ਹੈ। ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਵਿਚ ਜਮਹੂਰੀਅਤ ਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਜਾਗਰੂਕ ਹੋ ਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰੀ ਦੀ ਆਜ਼ਾਦੀ ਦਾ ਮਿਆਰ ਲਗਾਤਾਰ ਘਟਦਿਆਂ ਅੱਜ ਭਾਰਤ ਵਿਸ਼ਵ ਪ੍ਰੈੱਸ ਅਜਾਦੀ ਦਰਜਾਬੰਦੀ ਵਿਚ 159ਵੇਂ ਸਥਾਨ ਉੱਤੇ ਆ ਖੜ੍ਹਾ ਹੈ। ਇਸ ਦੀ ਸਥਿਤੀ ਹਰ ਹੀਲੇ ਬਚਾਉਣ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪੱਤਰਕਾਰ ਸੁਕਰਾਂਤ ਸਫ਼ਰੀ ਨੇ ਪ੍ਰੈੱਸ ਦੀ ਆਜ਼ਾਦੀ ਨੂੰ ਸਹੀ ਅਰਥਾਂ ਤੋਂ ਪਹਿਚਾਨਣ ਦੀ ਗੱਲ ਕੀਤੀ ਤੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਦੀ ਵਰਤੋਂ ਆਪਣੇ ਲੋਕਾਂ ਦੇ ਹਿਤਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕਰਨੀ ਚਾਹੀਦੀ ਹੈ।

ਪੱਤਰਕਾਰ ਦਵਿੰਦਰ ਕੁਮਾਰ ਨੇ ਮੀਡੀਆ ਜਗਤ ਵਿੱਚ ਆ ਰਹੀ ਯੁਵਾ ਪੀੜੀ ਦੇ ਤੌਰ-ਤਰੀਕਿਆਂ ਕਰਕੇ ਆਉਂਦੀਆਂ ਚੁਣੌਤੀਆਂ ਨੂੰ ਅਤੇ ਇਸਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਮੀਨਾਰ ਅਤੇ ਸੀਨੀਅਰ ਪੱਤਰਕਾਰਾਂ ਵੱਲੋਂ ਵਿਹਾਰਕ ਤਜਰਬਿਆਂ ਨੂੰ ਉਨ੍ਹਾਂ ਨਾਲ ਸਾਂਝੇ ਕਰਨ ਤੇ ਉਪਰਾਲੇ ਕਰਨ ਲਈ ਕਿਹਾ।

ਇਸ ਮੌਕੇ ਅਮਰਜੀਤ ਸਿੰਘ, ਨਿਤਿਨ ਕੌੜਾ ਅਤੇ ਸੁਮਿਤ ਮਹਿੰਦਰੂ ਨੇ ਵੀ ਪੱਤਰਕਾਰੀ ਨਾਲ ਸੰਬਧਿਤ ਕੁਝ ਚਲੰਤ ਮੁੱਦਿਆਂ ਉੱਤੇ ਸੁਝਾਅ ਰੱਖਦਿਆਂ ਆਪਣੀਆਂ ਕੁਝ ਉਲਝਣਾਂ ਵੀ ਸਾਹਮਣੇ ਰੱਖੀਆਂ, ਜਿਨ੍ਹਾਂ ਬਾਰੇ ਕਲੱਬ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਹੱਲ ਕਰਦਿਆਂ ਸੰਤੁਸ਼ਟ ਕੀਤਾ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਮਦਨ ਭਾਰਦਵਾਜ, ਟਿੰਕੂ ਪੰਡਿਤ, ਰਾਜੇਸ਼ ਸ਼ਰਮਾ, ਸੁਰਜੀਤ ਸਿੰਘ ਜੰਡਿਆਲਾ, ਰਾਮ ਸਿੰਘ ਇਨਸਾਫ਼, ਜਸਬੀਰ ਸਿੰਘ ਸੋਢੀ, ਪਰਮਜੀਤ ਸਿੰਘ, ਰਾਜੇਸ਼ ਗਾਬਾ, ਇੰਦਰਜੀਤ ਆਰਟਿਸਟ, ਅਜੈ ਕੁਮਾਰ, ਕੁਲਵੰਤ ਸਿੰਘ ਮਠਾਰੂ, ਹਰਸ਼ਰਨ ਸਿੰਘ ਚਾਵਲਾ, ਰਾਕੇਸ਼ ਬੋਬੀ, ਕੁਲਪ੍ਰੀਤ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਹਸਤੀਆਂ ਹਾਜ਼ਰ ਸਨ। ਇਸ ਅਵਸਰ ‘ਤੇ ਪ੍ਰੈੱਸ ਦੀ ਆਜ਼ਾਦੀ ਦੇ ਨਾਂਅ ਕੇਕ ਵੀ ਕੱਟਿਆ ਗਿਆ।